ਸਿਹਤ ਵਿਭਾਗ ਵੱਲੋਂ 08 ਤੋਂ 10 ਮਈ ਤੱਕ ਥੈਲਾਸੀਮੀਆ ਸਬੰਧੀ ਕੀਤਾ ਜਾਗਰੂਕ :-ਸਿਵਲ ਸਰਜਨ
ਫਤਿਹਗੜ੍ਹ ਸਾਹਿਬ , 06 ਮਈ 2024 ;
( ) ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਵਿੱਚ ਜਿਲੇ ਅੰਦਰ ਸਾਰੇ ਸਿਹਤ ਸੈਂਟਰਾਂ ਉੱਪਰ 8 ਮਈ ਨੂੰ "ਵਿਸ਼ਵ ਥੈਲਾਸੀਮੀਆ ਦਿਵਸ" ਮਨਾਇਆ ਜਾਵੇਗਾ ਅਤੇ ਇਸ ਦਿਨ ਤੋਂ 17 ਮਈ ਤੱਕ ਜਿਲਾ ਨਿਵਾਸੀਆਂ ਨੂੰ ਥੈਲਾਸੀਮੀਆ ਰੋਗ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਥੈਲਾਸੀਮੀਆ ਇੱਕ (ਖੂਨ ਨਾ ਬਣਨਾ )ਜਮਾਂਦਰੂ ਰੋਗ ਹੈ , ਇਸ ਰੋਗ ਕਾਰਨ ਛੋਟੇ ਬੱਚਿਆਂ ਵਿੱਚ ਖੂਨ ਬਣਨ ਦੀ ਪ੍ਰਕਿਰਿਆ ਘੱਟ ਹੁੰਦੀ ਹੈ ਤੇ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ ,ਜਿਸ ਕਰਕੇ ਬੱਚਾ ਅੱਗੇ ਚੱਲ ਕੇ ਕਮਜ਼ੋਰ ਹੋ ਜਾਂਦਾ ਹੈ ।
ਮਾਪਿਆਂ ਵਿੱਚ ਇਸ ਬਿਮਾਰੀ ਸਬੰਧੀ ਜਾਗਰੂਕਤਾ ਦੀ ਘਾਟ ਕਾਰਨ ਬਿਮਾਰੀ ਦਾ ਲੇਟ ਪਤਾ ਚਲਦਾ ਹੈ ਅਤੇ ਬੱਚੇ ਦੀ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਬੱਚੇ ਨੂੰ ਹੋਰ ਬਿਮਾਰੀਆਂ ਆ ਘੇਰਦੀਆਂ ਹਨ । ਉਹਨਾਂ ਕਿਹਾ ਕਿ ਜਾਗਰੂਕ ਹੋ ਕੇ ਬੱਚੇ ਦੀ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗਾਉਣ ਨਾਲ ਬਿਮਾਰੀ ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਜਿਸ ਨਾਲ ਬੱਚਾ ਹੋਰ ਬਿਮਾਰੀਆਂ ਤੋਂ ਵੀ ਬਚਿਆ ਰਹਿ ਸਕਦਾ । ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਥੈਲਾਸੀਮੀਆ ਰੋਗ ਨਾਲ ਹੋਣ ਵਾਲੀਆਂ ਇਹਨਾਂ ਦਿੱਕਤਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਜਿਲੇ ਦੇ ਸਾਰੇ ਸਿਹਤ ਸੈਂਟਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ ਪੀੜਤ ਬੱਚਿਆਂ ਦੇ ਇਲਾਜ ਸਬੰਧੀ ਉਹਨਾਂ ਦੇ ਪਰਿਵਾਰਾਂ ਨੂੰ ਜਾਗਰੂਕ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਥੈਲਾਸੀਮੀਆ ਪੀੜਤਾਂ ਲਈ ਖੂਨ ਦੀ ਵਧੇਰੇ ਲੋੜ ਪੈਂਦੀ ਹੈ ਇਸ ਕਰਕੇ ਇਸ ਮੁਹਿੰਮ ਦੌਰਾਨ ਆਮ ਲੋਕਾਂ ਨੂੰ ਖੂਨਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।